ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਗੁਰੂ ਸਾਹਿਬ ਜੀ ਦਾ ਸਾਤਿਕਾਰ ਫੁੱਲਾਂ ਦੀ ਵਰਖਾ ਨਾਲ ਕੀਤਾ ਜਾਂਦਾ ਹੈ ਅਤੇ ਜਿੰਨੇ ਦਿਨ ਇਹ ਮਾਘ ਮਹੀਨੇ ਦੀ ਦਸਵੀਂ ਦਾ ਸਮਾਗਮ ਚਲਦਾ ਹੈ ਉਨੇ ਦਿਨ ਕੀਰਤਨ ਦਰਬਾਰ, ਢਾਡੀ ਦਰਬਾਰ, ਸੰਤਾਂ ਮਹਾਂਪੁਰਸ਼ਾਂ ਵੱਲੋਂ ਦੀਵਾਨ ਸਜਾਏ ਜਾਂਦੇ ਹਨ। ਜਿਸ ਨੂੰ ਸੁਣ ਕੇ ਸੰਗਤਾਂ ਆਪਣੇ ਜੀਵਨ ਸਫ਼ਲੇ ਕਰਦੀਆਂ ਹਨ। ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ। ਨਗਰ ਨਿਵਾਸੀਆਂ ਵੱਲੋਂ ਦੂਰੋਂ ਆਈਆਂ ਸੰਗਤਾਂ ਦੀ ਸੇਵਾ ਸੰਭਾਲ ਅਤੇ ਸਤਿਕਾਰ ਕੀਤਾ ਜਾਂਦਾ ਹੈ।
ਧੰਨ ਧੰਨ ਬਾਬੇ ਸਿੰਘ ਸ਼ਹੀਦਾਂ ਦੇ ਅਸਥਾਨ ਤੇ ਕੇਸੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਜੁਪਜੀ ਸਾਹਿਬ ਦੇ ਪਾਠ ਸੰਗਤਾਂ ਕਰਦੀਆਂ ਹਨ ਜਿਸ ਨਾਲ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
1762 ਈ: ਵਿੱਚ ਪਿੰਡ ਕੁੱਪ ਰੋਹੀੜੇ ਦੀ ਧਰਤੀ ਤੇ ਵੱਡੇ ਘੱਲੂਘਾਰੇ ਦਾ ਸਾਕਾ ਵਾਪਰਿਆ ਸੀ। ਜਦੋਂ ਅਬਦਾਲੀ ਨੇ ਸਿੰਘਾਂ ਨੂੰ ਖਤਮ ਕਰਨਾ ਚਾਹਿਆ। ਕੁੱਪ ਰੋਹੀੜੇ ਪਿੰਡ ਦੀ ਢਾਬ ਤੇ 50-55 ਹਜ਼ਾਰ ਸਿੰਘਾਂ ਦੇ ਪਰਿਵਾਰ, ਬੱਚੇ, ਬੁੱਢੇ ਇਸ਼ਤਰੀ ਮੁਨਾਰੇ (ਘਰ) ਬਣਾ ਕੇ ਰਹਿੰਦੇ ਸਨ। ਸਿੰਘਾਂ ਵਿੱਚ ਲੜਨ ਵਾਲੇ ਯੋਧੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ।
ਅਬਦਾਲੀ ਨੇ ਆਪਣੀ ਢਾਈ ਲੱਖ ਫੌਜ਼ ਤੇ ਸਰਹਿੰਦ ਦੇ ਨਵਾਬ ਜੈਨ ਖਾਂ ਦੀ ਫੌਜ਼ ਅਤੇ ਮਾਲੇਰਕੋਟਲਾ ਦੇ ਨਵਾਬ ਦੀ ਫੌਜ਼ ਨੂੰ ਮਿਲਾ ਕੇ ਸਿੰਘਾਂ ਨੂੰ ਘੇਰਾ ਪਾ ਲਿਆ। ਉਸ ਸਮੇਂ ਸਿੰਘਾਂ ਦੇ ਮੁੱਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੀ ਸਨ। ਜਦੋਂ ਸਿੰਘਾਂ ਨੂੰ ਪਤਾ ਲੱਗਾ ਤਾਂ ਉਨਾਂ ਨੇ ਆਪਣੀ ਮੌਤ ਦੀ ਫਿਕਰ ਘੱਟ ਪਰਿਵਾਰ ਦੀ ਰਾਖੀ ਕਰਨੀ ਜ਼ਿਆਦਾ ਜ਼ਰੂਰੀ ਸਮਝਿਆ। ਮੁੱਖੀ ਅਤੇ ਸਿੰਘਾਂ ਨੇ ਆਪਣੇ ਬਚਾਅ ਪੱਖ ਦੀ ਨੀਅਤ ਨਾਲ ਇਹ ਮੱਤਾ ਪਾਸ ਕੀਤਾ ਕਿ ਫ਼ੌਜ ਦਾ ਮੁਕਾਬਲਾ ਕਰਦੇ ਬਰਨਾਲੇ ਦੀ ਧਰਤੀ ਵੱਲ ਚਾਲੇ ਪਾਏ ਜਾਣ।
ਅਬਦਾਲੀ ਦੀ ਫੌਜ਼ ਜ਼ਿਆਦਾ ਅਤੇ ਲੜਨ ਵਾਲੇ ਸਿੰਘਾਂ ਦੀ ਗਿਣਤੀ ਘੱਟ ਪਰ ਫਿਰ ਵੀ ਬਹੁਤ ਭਾਰੀ ਯੁੱਧ ਹੋਇਆ। ਬਹੁਤ ਸਿੰਘ ਸ਼ਹੀਦੀਆਂ ਪਾ ਗਏ। ਅਬਦਾਲੀ ਨੇ ਹੁਕਮ ਕੀਤਾ ਕਿ ਸਿੰਘਾਂ ਦੇ ਮਨਾਰੇ (ਘਰ) ਨੂੰ ਅੱਗ ਲਾ ਦਿੱਤੀ ਜਾਵੇ। ਬਾਜ਼ਰੇ ਦੇ ਭਰੇ ਰੱਖ ਕੇ ਘਰਾਂ ਨੂੰ ਅੱਗ ਲਾ ਦਿੱਤੀ। ਜਿਸ ਵਿੱਚ 35000 ਦੇ ਕਰੀਬ ਸਿੰਘ ਸਿੰਘਣੀਆਂ, ਬੱਚੇ, ਬੁੱਢੇ ਸੜ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਬਾਕੀ ਸਿੰਘ ਫ਼ੌਜ ਦਾ ਮੁਕਾਬਲਾ ਕਰਦੇ ਬਰਨਾਲੇ ਵਾਲੇ ਪਾਸੇ ਨੂੰ ਵੱਧ ਪਏ। ਹੁਕਮ ਅਨੁਸਾਰ ਪਰਿਵਾਰਾਂ ਦੀ ਰਾਖੀ ਸੇਖੂ ਸਿੰਘ, ਸੱਗੂ ਸਿੰਘ ਭਾਈਕਾ, ਬੁੱਢਾ ਸਿੰਘ ਆਵਕ ਸਿੰਘ ਕਰ ਰਹੇ ਸਨ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤੁ॥
ਲੜਨ ਵਾਲੇ ਸਿੰਘ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ. ਚੜਤ ਸਿੰਘ ਸ਼ਕਰਚੱਕੀਆ, ਕਰੋੜਾ ਸਿੰਘ, ਕਰਮ ਸਿੰਘ, ਗੁੱਜਰ ਸਿੰਘ, ਨਾਹਰ ਸਿੰਘ, ਹਰੀ ਸਿੰਘ ਭੰਗੂ ਆਦਿਕ ਸਨ। ਸਿੰਘ ਫ਼ੌਜ਼ ਨਾਲ ਲੜਦੇ ਸ਼ਹੀਦੀਆਂ ਪ੍ਰਾਪਤ ਕਰਦੇ ਹੋਏ ਬਹੁਤ ਸਾਰੇ ਫੱਟ ਸ਼ਰੀਰਾਂ ਤੇ ਖਾਂਦੇ ਹੋਏ ਪਿੰਡ ਕੁਤਬਾ ਦੀ ਢਾਬ ਤੇ ਪਹੁੰਚੇ ਜਿਥੇ ਮੁਗਲ ਫੌਜ਼ ਨਾਲ ਬਹੁਤ ਭਾਰੀ ਯੁੱਧ ਹੋਇਆ ਅਤੇ ਇਸ ਢਾਬ ਤੇ ਸਿੰਘਾਂ ਦੀ ਫ਼ੌਜ ਨੇ ਪਾਣੀ ਪੀਤਾ ਅਤੇ ਅਲੱਗ ਅਲੱਗ ਪਿੰਡਾਂ ਵੱਲ ਪਛੜ ਗਏ ਅਤੇ ਸ਼ਹੀਦੀਆਂ ਪਾਉਂਦੇ ਗਏ। ਜਿੱਥੇ-ਜਿੱਥੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉੱਥੇ-ਉੱਥੇ ਛੋਟੇ-ਛੋਟੇ ਪਿੰਡ ਵਸ ਗਏ ਅਤੇ ਸ਼ਹੀਦਾਂ ਦੇ ਅਸਥਾਨਾ ਦੀ ਸੇਵਾ ਹੋਣ ਲੱਗੀ।
ਅਸਥਾਨ ਪਿੰਡ ਅਬਦੁੱਲਾਪੁਰ (ਚੁਹਾਣੇ ਕਲਾ)
ਪਿੰਡ ਅਬਦੁੱਲਾਪੁਰ (ਚੁਹਾਣੇ ਕਲਾਂ) ਵਿਖੇ ਹਰ ਮਹੀਨੇ ਗੁ: ਬਾਬੇ ਸਿੰਘ ਸ਼ਹੀਦਾਂ ਦੇ ਅਸਥਾਨ ਤੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਮਾਘ ਦੀ ਦਸਮੀਂ ਨੂੰ ਸਰਬੱਤ ਦੇ | ਭਲੇ ਲਈ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਂਦੇ ਹਨ।